ਕ੍ਰਿਸ਼ਨ ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕ੍ਰਿਸ਼ਨ ਕਾਵਿ : ਕ੍ਰਿਸ਼ਨ ਭਗਤ ਕਵੀਆਂ ਨੇ ਕ੍ਰਿਸ਼ਨ ਦੇ ਲੌਕਿਕ ਅਤੇ ਅਲੌਕਿਕ ਦੋਨਾਂ ਰੂਪਾਂ ਦਾ ਪ੍ਰਤਿਪਾਦਨ ਕੀਤਾ ਹੈ। ਰਚਨਾਵਾਂ ਦਾ ਮੂਲ ਆਧਾਰ ਗ੍ਰੰਥ ਭਗਵਤ ਪੁਰਾਣ ਹੈ। ਕ੍ਰਿਸ਼ਨ ਦੀਆਂ ਲੀਲ੍ਹਾਵਾਂ ਨੂੰ ਪ੍ਰਸਤੁਤ ਕਰ ਕੇ ਉਹਨਾਂ ਦੇ ਲੋਕਰੰਜਕ ਅਤੇ ਲੋਕਾਂ ਦੇ ਰਖਵਾਲੇ ਦੋਨਾਂ ਰੂਪਾਂ ਦੀ ਅਵਤਾਰਨਾ ਕੀਤੀ ਗਈ ਹੈ। ਕ੍ਰਿਸ਼ਨ ਭਗਤ ਕਵੀਆਂ ਨੇ ਵਿਯੋਗ ਅਤੇ ਸੁੰਦਰਤਾ ਦਾ ਵਰਣਨ ਬੜੇ ਹੀ ਚੰਗੇ ਢੰਗ ਨਾਲ ਕੀਤਾ ਹੈ। ਕ੍ਰਿਸ਼ਨ ਦੇ ਬ੍ਰਜਵਾਸੀ ਜੀਵਨ ਵਿੱਚ ਸੰਯੋਗ ਦੀ ਹਰੇਕ ਦਿਸ਼ਾ ਅਤੇ ਮਥੁਰਾ ਤੇ ਦੁਆਰਕਾ ਪ੍ਰਵਾਸ ਦੇ ਬਾਅਦ ਸੁੰਦਰਤਾ ਦੇ ਚਿੱਤਰ ਪ੍ਰਸਤੁਤ ਕੀਤੇ ਗਏ ਹਨ। ਕ੍ਰਿਸ਼ਨ ਭਗਤ ਕਵੀਆਂ ਨੇ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਦਾ ਵਰਣਨ ਕਰਦੇ ਹੋਏ ਲੋਕ-ਮੰਗਲ ਦਾ ਧਿਆਨ ਵੀ ਰੱਖਿਆ ਹੈ। ਕ੍ਰਿਸ਼ਨ ਦੀ ਬਾਲ-ਲੀਲ੍ਹਾ ਨੂੰ ਵੇਖ ਕੇ ਨੰਦ, ਯਸ਼ੋਦਾ, ਗੋਪ, ਗੋਪੀ ਅਤੇ ਗਵਾਲ ਬੜੇ ਹੀ ਅਨੰਦਿਤ ਹੁੰਦੇ ਹਨ। ਅੱਜ ਵੀ ਪਾਠਕ ਉਸ ਵਰਣਨ ਨੂੰ ਪੜ੍ਹ ਕੇ ਬੜੇ ਹੀ ਖ਼ੁਸ਼ ਹੁੰਦੇ ਹਨ। ‘ਭ੍ਰਮਰ ਗੀਤ’ ਵਿੱਚ ਵਿਯੋਗ ਪੀੜਿਤ ਗੋਪੀਆਂ ਦੀ ਦੁਖਦਾਈ ਵੇਦਨਾ ਨੂੰ ਬੜੀ ਹੀ ਕਰੁਣਾ ਨਾਲ ਪ੍ਰਸਤੁਤ ਕੀਤਾ ਗਿਆ ਹੈ। ਕ੍ਰਿਸ਼ਨ ਭਗਤ ਕਵੀਆਂ ਨੇ ਬ੍ਰਜ ਭਾਸ਼ਾ ਵਿੱਚ ਕਵਿਤਾ ਲਿਖੀ ਹੈ। ਅਵਧੀ ਵਿੱਚ ਵੀ ਲਿਖਤ ਕ੍ਰਿਸ਼ਨ ਕਾਵਿ ਸਾਮ੍ਹਣੇ ਆਇਆ ਹੈ। ਰਾਮ ਅਤੇ ਕ੍ਰਿਸ਼ਨ ਭਾਰਤੀ ਸਾਹਿਤ ਦੇ ਪ੍ਰਾਣ ਤੱਤ ਹਨ। ਭਾਰਤ ਦੀ ਭਾਵਨਾਤਮਿਕ ਏਕਤਾ ਦੇ ਸਹਾਇਕ ਹਨ। ਹਿੰਦੀ ਭਾਸ਼ਾ ਅਤੇ ਸਾਹਿਤ ਵਿੱਚ ਦੇਖਿਆ ਜਾਵੇ ਤਾਂ ਰਾਮ ਕਾਵਿ ਪਰੰਪਰਾ ਦੇ ਸੂਤਰਧਾਰ ਸੰਤ ਤੁਲਸੀਦਾਸ ਅਤੇ ਕ੍ਰਿਸ਼ਨ ਕਾਵਿ ਪਰੰਪਰਾ ਦੇ ਮਹਾਤਮਾ ਸੂਰਦਾਸ ਮੰਨੇ ਜਾਂਦੇ ਹਨ। ਦੋਨਾਂ ਨੇ ਰਾਮ ਅਤੇ ਕ੍ਰਿਸ਼ਨ ਦੇ ਚਰਿੱਤਰ `ਤੇ ਬਹੁਤ ਕੁਝ ਲਿਖਿਆ ਹੈ। ਹਰੇਕ ਨਾਲ ਇੱਕ ਸ਼ਾਖ਼ਾ ਵਿਸ਼ੇਸ਼ ਨਿਜੀ ਰੂਪ ਨਾਲ ਜੁੜ ਗਈ ਹੈ।

     ਭਾਰਤ ਵਿੱਚ ਬੋਲੀਆਂ ਅਤੇ ਲਿਖੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਕ੍ਰਿਸ਼ਨ ਕਾਵਿ ਦੀ ਰਚਨਾ ਹੋਈ ਅਤੇ ਸਾਰਾ ਦੇਸ਼ ਕ੍ਰਿਸ਼ਨ ਦੇ ਗੁਣਗਾਨ ਵਿੱਚ ਲੀਨ ਹੋ ਗਿਆ। ਭਾਰਤੀ ਧਰਮ-ਸਾਧਨਾ, ਸੰਸਕ੍ਰਿਤੀ, ਸਾਹਿਤ ਜਿੰਨਾ ਕ੍ਰਿਸ਼ਨ ਦੇ ਰੂਪ ਤੋਂ ਪ੍ਰਭਾਵਿਤ ਹੈ, ਓਨਾ ਉਹ ਕਿਸੇ ਹੋਰ ਚਰਿੱਤਰ ਨੂੰ ਲੈ ਕੇ ਪ੍ਰਭਾਵਿਤ ਨਹੀਂ ਹੈ। ਕ੍ਰਿਸ਼ਨ ਪਰੰਪਰਾ ਅਤਿਅੰਤ ਪ੍ਰਾਚੀਨ ਹੈ, ਜੋ ਭਾਰਤੀ ਸਾਹਿਤ ਵਿੱਚ ਵਿਵਿਧ ਰੂਪਾਂ ਵਿੱਚ ਉਪਲਬਧ ਹੈ। ਇਹਨਾਂ ਵਿੱਚੋਂ ਪ੍ਰਮੁਖ ਰੂਪ ਤਿੰਨ ਹਨ-1. ਨੀਤੀ ਵਿਸ਼ਾਰਦ ਰਾਜਾ, 2. ਬਾਲ ਅਤੇ ਕਿਸ਼ੋਰ ਰੂਪ ਵਿੱਚ, 3. ਵਿਭਿੰਨ ਪ੍ਰਕਾਰ ਦੇ ਅਲੌਕਿਕ ਅਤੇ ਲੌਕਿਕ ਲੀਲ੍ਹਾਕਾਰੀ ਅਵਤਾਰ ਪੁਰਸ਼। ਪ੍ਰਥਮ ਰੂਪ ਦਾ ਵਿਕਾਸ ਗੀਤਾ ਵਿੱਚ, ਦੂਸਰੇ ਦਾ ਮਹਾਂਭਾਰਤ ਵਿੱਚ, ਤੀਸਰੇ ਦਾ ਪੁਰਾਣਾਂ ਵਿੱਚ ਹੋਇਆ ਹੈ।

     ਮਹਾਭਾਰਤ ਵਿੱਚ ਅਨੇਕ ਇਸ ਤਰ੍ਹਾਂ ਦੇ ਸਥਲ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਕ੍ਰਿਸ਼ਨ ਦੇ ਪੂਜੇ ਜਾਣ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਮਹਾਂਭਾਰਤ ਦੇ ਕ੍ਰਿਸ਼ਨ ਨੀਤੀ ਵਿਸ਼ਾਰਦ ਨਾ ਹੋ ਕੇ ਪਰਮਾਤਮਾ ਵੀ ਹਨ। ਅਰਜਨ, ਕ੍ਰਿਸ਼ਨ ਨੂੰ ਪੂਜਨੀਕ ਦ੍ਰਿਸ਼ਟੀ ਤੋਂ ਦੇਖਦਾ ਹੈ।

     ਵਲਭਾਚਾਰੀਆ ਤੋਂ ਪ੍ਰਭਾਵਿਤ ਸੂਰਦਾਸ ਨੇ ਜੈਦੇਵ ਤੋਂ ਪ੍ਰੇਰਿਤ ਹੋ ਕੇ ਕ੍ਰਿਸ਼ਨ ਦੇ ਸੁੰਦਰਤਾ ਦੇ ਪੱਖ ਦਾ ਜੀਵੰਤ ਚਿਤਰਨ ਕੀਤਾ ਹੈ। ਸੂਰਸਾਗਰ ਕ੍ਰਿਸ਼ਨ ਕਾਵਿ ਦਾ ਉੱਚ ਸਮਾਰਕ ਹੈ।

     ਤੁਲਸੀਦਾਸ ਨੇ ਨਟਖਟ ਗੋਪਾਲ ਦੇ ਵਿਵਿਧ ਰੂਪਾਂ ਦਾ ਅਵਲੋਕਨ ਕੀਤਾ ਹੈ। ਪਾਠਕ ਵਰਗ ਨੂੰ ਆਪਣੀ ਸ਼ੈਲੀ ਨਾਲ ਰਸਵਿਭੂਤ ਕੀਤਾ।

     ਨੰਦਦਾਸੇ ਨੇ ਰਾਸਪੰਚਾਧਿਆਇ ਅਤੇ ਭੰਵਰਗੀਤ ਦੇ ਮਾਧਿਅਮ ਨਾਲ ਕ੍ਰਿਸ਼ਨ ਸਾਗਰ ਅਤੇ ਸਰਸ ਭਗਤੀ ਰਸ ਵਿੱਚ ਸਮੇਟਣ ਦੀ ਸਫਲ ਚੇਸ਼ਟਾ ਕੀਤੀ ਹੈ।

     ਕ੍ਰਿਸ਼ਨਦਾਸ ਦੇ ਕਾਵਿ ਵਿੱਚ ਰਾਧਾਕ੍ਰਿਸ਼ਨ ਦੇ ਪਵਿੱਤਰ, ਸੁੰਦਰ ਸ਼ਿੰਗਾਰ ਦੀ ਝਲਕ ਅਤੇ ਭਾਸ਼ਾ ਦਾ ਪ੍ਰਵਾਹ, ਸ਼ੈਲੀ ਦੀ ਵਿਵਿਧਤਾ ਦੇਖਣ ਯੋਗ ਹੈ।

     ਕੁੰਭਨਦਾਸ ਉੱਚ-ਕੋਟੀ ਦੇ ਭਾਵੁਕ ਕਵੀ ਅਤੇ ਸਾਧਕ ਨੇ ਸਫੁੱਟ ਪੱਦਾਂ ਰਾਹੀਂ ਕ੍ਰਿਸ਼ਨ ਦੀ ਬਾਲ ਅਤੇ ਪ੍ਰੇਮ-ਲੀਲਾ ਦਾ ਭਾਵਾਂ ਦਾ ਸਰਸ ਵਰਣਨ ਕੀਤਾ ਹੈ।

     ਗੋਵਿੰਦਦਾਸ ਦੀ ਕਵਿਤਾ ਵਿੱਚ ਸਮਾਨਾਂਤਰ ਸਤਰ ਹੈ। ਪਰ ਸੰਗੀਤ ਦੇ ਲੈ-ਸ੍ਵਰ ਵਿੱਚ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।

     ਇਹਨਾਂ ਤੋਂ ਇਲਾਵਾ ਕ੍ਰਿਸ਼ਨ ਕਾਵਿ ਦੇ ਕਵੀ ਹਿੱਤਰੀਵੰਸ਼, ਮੀਰਾ, ਸਵਾਮੀ ਹਰੀਦਾਸ ਆਦਿ ਹਨ ਜਿਨ੍ਹਾਂ ਨੇ ਕ੍ਰਿਸ਼ਨ ਕਾਵਿ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਹਿੰਦੀ ਵਿੱਚ ਕ੍ਰਿਸ਼ਨ ਪਰੰਪਰਾ ਦਾ ਅਰੰਭ ਵਿਦਵਾਨਾਂ ਨੇ ਵਿਦਿਆਪਤੀ ਤੋਂ ਮੰਨਿਆ ਹੈ, ਪਰ ਇਸ ਸੰਬੰਧ ਵਿੱਚ ਵੇਖਿਆ ਜਾਵੇ ਤਾਂ ਵਿਦਿਆਪਤੀ ਵਿੱਚ ਭਗਤੀ ਦੇ ਰੰਗ ਘੱਟ ਦਿਖਾਈ ਦਿੰਦੇ ਹਨ ਅਤੇ ਵਾਸਨਾ- ਸੁੰਦਰਤਾ ਦੇ ਰੰਗ ਜ਼ਿਆਦਾ ਦਿਖਾਈ ਦਿੰਦੇ ਹਨ। ਕ੍ਰਿਸ਼ਨ ਭਗਤੀ ਦੇ ਸੰਪਰਦਾਇ ਨਿਮਨਲਿਖਤ ਹਨ :

     1. ਵਿਸ਼ਨੂੰ ਸੰਪਰਦਾਇ 2. ਨਿੰਬਾਰਕ ਸੰਪਰਦਾਇ 3. ਮਾਧਵ ਸੰਪਰਦਾਇ 4. ਰਾਮਾਨੁਜ ਦਾ ਸ੍ਰੀ ਸੰਪਰਦਾਇ 5. ਰਾਮਨੰਦੀ ਸੰਪਰਦਾਇ 6. ਹਰੀਦਾਸੀ ਅਥਵਾ ਸਖ਼ੀ ਸੰਪਰਦਾਇ।

     ਕ੍ਰਿਸ਼ਨ ਭਗਤੀ ਕਾਵਿ ਵਿੱਚ ਕ੍ਰਿਸ਼ਨ ਲੀਲ੍ਹਾਵਾਂ ਦਾ ਵਰਣਨ ਮੁੱਖ ਰੂਪ ਵਿੱਚ ਕੀਤਾ ਗਿਆ ਹੈ। ਜਨਮ ਤੋਂ ਲੈ ਕੇ ਉਹਨਾਂ ਦੇ ਜਵਾਨ ਹੋਣ ਤੱਕ ਲੀਲ੍ਹਾਵਾਂ ਦਾ ਵਰਣਨ ਕੀਤਾ ਗਿਆ ਹੈ। ਹਿੰਦੀ ਕ੍ਰਿਸ਼ਨ-ਭਗਤੀ ਸਾਹਿਤ ਦੀ ਰਚਨਾ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਵਿੱਚ ਹੋਈ ਹੈ। ਕ੍ਰਿਸ਼ਨ ਕਾਵਿ ਵਿੱਚ ਰਸਾਂ ਦਾ ਪ੍ਰਯੋਗ ਹੋਇਆ ਹੈ। ਹਿੰਦੀ ਕ੍ਰਿਸ਼ਨ ਕਾਵਿ ਵਿੱਚ ਸਿਰਫ਼ ਇੱਕ ਹੀ ਰਸ ਹੈ, ਉਹ ਰਸ ਹੈ ਭਗਤੀ ਦਾ ਰਸ। ਭਗਤੀ ਦੀ ਭਾਵਨਾ ਨੂੰ ਵੀ ਵਿਸ਼ੇਸ਼ ਤੌਰ `ਤੇ ਉਪਰ ਰੱਖਿਆ ਗਿਆ ਹੈ। ਕ੍ਰਿਸ਼ਨ ਭਗਤੀ ਦੇ ਮੂਲ ਵਿੱਚ ਇੱਕ ਮਾਤਰ ਭਗਵਦ ਗੀਤਾ ਕੰਮ ਕਰ ਰਹੀ ਹੈ ਜੋ ਕਿ ਪਾਤਰ ਦੇ ਸੁਭਾਅ ਦੇ ਅਨੁਸਾਰ ਸਖ਼ਾ, ਕਾਂਤਾ ਭਾਵ ਵਿੱਚ ਮਿਲ ਜਾਂਦੀ ਹੈ। ਪ੍ਰਕਿਰਤੀ ਚਿਤਰਨ, ਪ੍ਰੇਮ ਦੀ ਅਲੌਕਿਕਤਾ, ਰੀਤੀ ਤੱਤ ਦਾ ਸਮਾਵੇਸ਼, ਸਮਾਜਿਕ ਪੱਖ, ਇਤਿਹਾਸਿਕ ਪੱਖ, ਕਾਵਿ- ਰੂਪ, ਸ਼ੈਲੀ, ਛੰਦ, ਭਾਸ਼ਾ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਕ੍ਰਿਸ਼ਨ ਕਾਵਿ ਵਿੱਚ ਵਿਸ਼ੇਸ਼ ਮਹੱਤਵ ਹੈ। ਇਹਨਾਂ ਤੋਂ ਇਲਾਵਾ ਕ੍ਰਿਸ਼ਨ ਕਾਵਿ ਵਿੱਚ ਸੂਰਦਾਸ ਅਤੇ ਮੀਰਾਂ ਬਾਈ ਦੋਨੋਂ ਇਸ ਤਰ੍ਹਾਂ ਦੇ ਕਵੀ ਹਨ ਜੋ ਕ੍ਰਿਸ਼ਨ ਤੋਂ ਬਿਨਾਂ ਕਿਸੇ ਹੋਰ ਦਾ ਵਿਸ਼ਵਾਸ ਬਿਲਕੁਲ ਹੀ ਨਹੀਂ ਕਰ ਸਕਦੇ। ਮੀਰਾ ਬਾਈ ਨੇ ਤਾਂ ਕ੍ਰਿਸ਼ਨ ਨੂੰ ਆਪਣਾ ਪਤੀ-ਪਰਮੇਸ਼ਰ ਮੰਨ ਲਿਆ ਸੀ। ਇਸ ਵਿਯੋਗ ਵਿੱਚ ਮੀਰਾਂ ਬਾਈ ਆਪਣੇ- ਆਪ ਨੂੰ ਵੀ ਭੁੱਲ ਗਈ ਸੀ।

     ਸੂਰਦਾਸ ਭਗਤੀ ਖੇਤਰ ਵਿੱਚ ਏਨੀ ਅੱਗੇ ਨਿਕਲ ਗਿਆ ਕਿ ਸਮਾਜ ਦੀਆਂ ਜ਼ਰੂਰਤਾਂ ਵੱਲ ਉਸ ਦਾ ਕੋਈ ਧਿਆਨ ਹੀ ਨਹੀਂ ਰਿਹਾ। ਉਹ ਪਹਿਲਾਂ ਭਗਤ ਸੀ ਅਤੇ ਬਾਅਦ ਵਿੱਚ ਕਵੀ। ਸੂਰਦਾਸ ਵਿੱਚ ਤੁਲਸੀ ਦਾਸ ਦੀ ਤਰ੍ਹਾਂ ਲੋਕ-ਭਲਾਈ ਦੀ ਭਾਵਨਾ ਨਹੀਂ ਮਿਲਦੀ। ਉਹ ਕ੍ਰਿਸ਼ਨ ਦੇ ਰੰਗ ਵਿੱਚ ਏਨਾ ਜ਼ਿਆਦਾ ਲੀਨ ਹੋ ਗਿਆ ਕਿ ਸਮਾਜ ਚਾਹੇ ਨਸ਼ਟ ਹੋ ਜਾਏ, ਇਸਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ। ਸੂਰਦਾਸ ਦਿਨ- ਰਾਤ ਕ੍ਰਿਸ਼ਨ ਦੇ ਰੰਗ ਵਿੱਚ ਰੰਗਿਆ ਰਹਿੰਦਾ ਸੀ। ਇਸ ਤੋਂ ਇਲਾਵਾ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਵਿੱਚ ਰਮਿਆ ਰਹਿੰਦਾ ਸੀ। ਹਾਰ-ਜਿੱਤ ਵੱਲ ਉਸ ਦਾ ਕੋਈ ਧਿਆਨ ਨਹੀਂ ਸੀ। ਸੂਰਦਾਸ ਦਾ ਆਪਣਾ ਇੱਕ ਛੋਟਾ ਪਰਿਵਾਰ ਹੈ ਜਿਸ ਵਿੱਚ ਸ਼ੁਰੂ ਦਾ ਬਾਲ-ਕ੍ਰਿਸ਼ਨ-ਗੋਪਾਲ ਹੈ।ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਰਾਧਾ, ਰਾਸ ਅਤੇ ਰੰਗ, ਲੀਲ੍ਹਾ ਅਤੇ ਵਿਹਾਰ, ਮੁਰਲੀ, ਤਾਨਪੁਰਾ, ਮੱਖਣ, ਦੁੱਧ, ਯਮੁਨਾ ਕੁੰਜ ਹੈ, ਮਥੁਰਾ ਤਿੰਨ ਲੋਕਾਂ ਨਾਲੋਂ ਨਿਆਰੀ ਹੈ, ਜੋ ਕਿ ਇੱਕ ਮਾਤਰ ਕ੍ਰਿਸ਼ਨ-ਲੀਲ੍ਹਾਧਾਮ ਹੈ। ਉਸ ਵਿੱਚ ਰੀਤੀ ਅਤੇ ਨੀਤੀ ਦਾ ਪ੍ਰਵੇਸ਼ ਨਹੀਂ ਹੈ।

     ਹਿੰਦੂ ਸੰਸਕ੍ਰਿਤੀ ਦਾ ਗ੍ਰਹਿਸਥ ਜੀਵਨ ਅਤੇ ਪੂਰਨ ਅਵਤਾਰ ਵਿਰਾਟ ਸਰੂਪ ਭਗਵਾਨ ਕ੍ਰਿਸ਼ਨ ਦਾ ਮਹਿਮਾ ਚਿਤਰਨ ਮਿਲਦਾ ਹੈ। ਗ੍ਰਹਿਸਥ ਆਸ਼੍ਰਮ ਸਮਾਜ ਦੀ ਮੂਲ ਇਕਾਈ ਹੈ। ਸੂਰਦਾਸ ਤੇ ਤੁਲਸੀਦਾਸ ਦੋਨਾਂ ਕਵੀਆਂ ਨੇ ਗ੍ਰਹਿਸਥ ਆਸ਼੍ਰਮ ਦਾ ਚਿਤਰਨ ਕੀਤਾ ਹੈ। ਸੂਰਦਾਸ ਦਾ ਯੁੱਗ ਉਹ ਹੈ ਜਿਹੜਾ ਤੁਲਸੀਦਾਸ ਦਾ ਹੈ। ਸੂਰਦਾਸ ਦੇ ਸਾਹਿਤ ਵਿੱਚ ਤਤਕਾਲੀਨ ਰਾਜਨੀਤਿਕ ਦ੍ਰਿਸ਼ਟੀ ਦੀ ਮੋਹਰ ਲੱਗੀ ਹੋਈ ਹੈ। ਸਮਾਜ ਕਿਸ ਪਾਸੇ ਜਾ ਰਿਹਾ ਹੈ, ਸ਼ਾਸਨ ਕੀ ਕਰ ਰਿਹਾ ਹੈ, ਸਮੇਂ ਦੀ ਗਤੀਵਿਧੀ ਕੀ ਹੈ, ਇਹਨਾਂ ਪ੍ਰਸ਼ਨਾਂ ਨਾਲ ਉਸ ਦਾ ਕੋਈ ਸੰਬੰਧ ਨਹੀਂ ਹੈ। ਸੂਰਦਾਸ ਦੇ ਅਨੁਸਾਰ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ। ਜੀਵਨ ਵਿੱਚ ਅਨੰਦ ਪ੍ਰਾਪਤ ਕਰਨ ਦੇ ਲਈ ਅਨੰਦ ਸਰੂਪ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਦਾ ਪ੍ਰਵੇਸ਼ ਕਰਨਾ ਚਾਹੀਦਾ ਹੈ। ਮਧੁਰ ਭਾਵ ਵਿੱਚ ਰੱਤੀਆਂ ਗੋਪੀਆਂ ਸੁੰਦਰਤਾ ਅਤੇ ਕ੍ਰਿਸ਼ਨ ਦੇ ਅਥਾਹ ਪਿਆਰ ਵਿੱਚ ਰੰਗੀਆਂ ਹੋਈਆਂ ਹਨ। ਉਹਨਾਂ ਕੋਲ ਸਮਾਜ ਨੂੰ ਦੇਖਣ ਦਾ ਸਮਾਂ ਹੀ ਨਹੀਂ ਸੀ। ਉਹ ਦਿਨ- ਰਾਤ ਆਪਣੇ ਪਿਆਰ ਨੂੰ ਪਾਉਣ ਲਈ ਰੱਤੀਆਂ ਹੋਈਆਂ ਹਨ। ਕ੍ਰਿਸ਼ਨ ਦੇ ਵਿਹਾਰ ਅਤੇ ਲੀਲ੍ਹਾਵਾਂ ਨੂੰ ਦੇਖ ਕੇ ਮੁਗਧ ਹੁੰਦੀਆਂ ਜਾ ਰਹੀਆਂ ਹਨ। ਇਸ ਪ੍ਰਸਤਾਵਨਾ ਨੂੰ ਸੂਰਦਾਸ ਨੇ ਬੜੇ ਹੀ ਚੰਗੇ ਢੰਗ ਨਾਲ ਪ੍ਰਸਤੁਤ ਕੀਤਾ ਹੈ। ਸੂਰਦਾਸ ਦਾ ਸਭ ਤੋਂ ਵਧੀਆ ਅੰਕ ਭ੍ਰਮਰਗੀਤ ਹੈ। ਇਸ ਗੀਤ ਵਿੱਚ ਸਰਗੁਣ ਨੇ ਨਿਰਗੁਣ ਉੱਤੇ, ਸਰਸਤਾ ਨੇ ਸ਼ੁਸ਼ਕਤਾ ਉੱਤੇ, ਪ੍ਰੇਮ ਨੇ ਦਰਸ਼ਨ ਉੱਤੇ, ਭਗਤੀ ਨੇ ਗਿਆਨ ਉੱਤੇ ਅਤੇ ਸੰਯੋਗ ਨੇ ਵਿਯੋਗ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਗੋਪੀਆਂ ਦੀ ਵਿਯੋਗ ਦਸ਼ਾ ਦਾ ਜੋ ਚਿਤਰਨ ਇਸ ਗੀਤ ਵਿੱਚ ਕੀਤਾ ਗਿਆ ਹੈ, ਉਸ ਦੀ ਕੋਈ ਮਿਸਾਲ ਨਹੀਂ ਹੈ। ਸੂਰਦਾਸ ਕ੍ਰਿਸ਼ਨ ਭਗਤੀ ਵਿੱਚ ਸਭ ਤੋਂ ਵੱਧ ਉਤਸੁਕ ਦਿਖਾਈ ਦਿੰਦਾ ਹੈ ਜਿਸ ਨੇ ਆਪਣੇ ਮਨ-ਤਨ ਵਿੱਚ ਉਸ ਕ੍ਰਿਸ਼ਨ-ਮੁਰਾਰੀ ਦੀ ਤਸਵੀਰ ਛੁਪਾ ਲਈ ਸੀ, ਉਹ ਇਸ ਤੋਂ ਅਲੱਗ ਨਹੀਂ ਹੋ ਸਕਦਾ ਸੀ।

     ਇਸ ਤਰ੍ਹਾਂ ਹੀ ਮੀਰਾ ਬਾਈ ਵੀ ਆਪਣੇ ਪਤੀ ਪਰਮੇਸ਼ਰ ਕ੍ਰਿਸ਼ਨ ਦੀ ਤਸਵੀਰ ਆਪਣੀਆਂ ਅੱਖਾਂ ਵਿੱਚ ਲੁਕਾ ਕੇ ਬੈਠੀ ਹੈ। ਉਸ ਨੂੰ ਆਪਣੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਸੀ ਚਾਹੀਦਾ। ਉਹ ਦਿਨ-ਰਾਤ ਉਸ ਪ੍ਰੀਤਮ ਪਿਆਰੇ ਦਾ ਨਾਮ-ਸਿਮਰਨ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਸੂਰਦਾਸ ਅਤੇ ਮੀਰਾ ਬਾਈ ਕ੍ਰਿਸ਼ਨ ਕਾਵਿ ਵਿੱਚ ਵਿਸ਼ੇਸ਼ ਸਥਾਨ ਰਖਦੇ ਹਨ।


ਲੇਖਕ : ਹਰਮਿੰਦਰ ਸਿੰਘ ਬੇਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕ੍ਰਿਸ਼ਨ ਕਾਵਿ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕ੍ਰਿਸ਼ਨ–ਕਾਵਿ : ਦੁਆਪਰ ਯੁੱਗ ਵਿਚ ਯਦੁਵੰਸ਼ੀ ਵਸੁਦੇਵ ਤੋਂ ਭੋਜਵੰਸ਼ੀ ਦੇਵਕ ਦੀ ਪੁੱਤਰੀ ਦੇਵਕੀ ਦੀ ਕੁੱਖ ਤੋਂ ਪੈਂਦਾ ਹੋਏ ਸ੍ਰੀ ਕ੍ਰਿਸ਼ਨ ਵਿਸ਼ਣੂ ਦੇ ਅੱਠਵੇਂ ਅਵਤਾਰ ਮੰਨੇ ਜਾਂਦੇ ਹਨ। ਸਾਹਿੱਤ ਵਿਚ ਕ੍ਰਿਸ਼ਨ ਦੇ ਜੀਵਨ–ਚਰਿਤ੍ਰ ਨਾਲ ਸੰਬੰਧਿਤ ਸਗੁਣ ਉਪਾਸਨਾ ਭਰਪੂਰ, ਰਾਮ–ਕਾਵਿ (ਵੇਖੋ), ਵਾਂਗ ਹੀ, ਕ੍ਰਿਸ਼ਨ–ਕਾਵਿ ਦੀ ਇਕ ਕਲਾਤਮਕ, ਰਸਿਕ ਤੇ ਉਤਕ੍ਰਿਸ਼ਟ ਕਾਵਿ–ਧਾਰਾ ਦਾ ਜਨਮ ਹੋਇਆ। ਰਾਮਚੰਦਰ ਅਤੇ ਕ੍ਰਿਸ਼ਨ ਦੋਵੇਂ ਵਿਸ਼ਣੂ ਦੇ ਅਵਤਾਰ ਸਨ। ਰਾਮ ਚੰਦਰ ਜਿੱਥੇ ਮਰਯਾਦਾ ਪੁਰਸ਼ੌਤਮ ਹਨ, ਉੱਥੇ ਕ੍ਰਿਸ਼ਨ ਨੀਤੀ ਅਤੇ ਪ੍ਰੇਮ–ਭਗਤੀ ਦੇ ਪ੍ਰਤੀਕ ਹਨ। ਪਹਿਲੇ ਦਾ ਸੰਬੰਧ ਜਿੱਥੇ ਨਿਰਮਲ–ਭਗਤੀ ਨਾਲ ਹੈ, ਉੱਥੇ ਦੂਜਾ ਮਧੁਰ ਭਗਤੀ ਨਾਲ ਜੁੜਿਆ ਹੋਇਆ ਹੈ। ਪਹਿਲਾ ਧੁਨਸ਼ਧਾਰੀ ਹੈ, ਦੂਜਾ ਮੁਰਲੀਧਰ, ਮੋਰ ਮੁਕਟ ਵਾਲਾ ਚੱਕਰਾਧਰੀ ਹੈ। ਰਾਮ–ਕਾਵਿ ਜਿੱਥੇ ਬੀਰ–ਰਸ ਪ੍ਰਧਾਨ ਹੈ ਉੱਥੇ ਕ੍ਰਿਸ਼ਨ–ਕਾਵਿ ਸ਼ਿੰਗਾਰ–ਰਸ ਵਾਲਾ ਓਤਪ੍ਰੋਤ ਹੈ। ਸ਼੍ਰੀ ਕ੍ਰਿਸ਼ਨ ਹੀ ਸ਼ਾਇਦ ਇਕੋ ਇਕ ਅਵਤਾਰ ਹਨ ਜਿਨ੍ਹਾਂ ਦੀ ਬਾਲਕ ਰੂਪ ਵਿਚ ਉਪਾਸਨਾ ਕੀਤੀ ਜਾਂਦੀ ਹੈ। ਬਾਲ–ਅਵਤਾਰ ਦੇ ਸੰਕਲਪ ਨਾਲ ਜੋ ਸੂਰਦਾਸ ਆਦਿ ਕਵੀਆਂ ਨੇ ਉਤਕ੍ਰਿਸ਼ਟਤਮ ਕਵਿਤਾ ਲਿਖੀ ਹੈ, ਉਹ ਵਿਸ਼ਵ ਸਾਹਿੱਤ ਵਿਚ ਬੇਜੋੜ ਹੈ।

          ਕ੍ਰਿਸ਼ਨ–ਭਗਤੀ ਭਾਰਤ ਵਿਚ ਮੱਧਕਾਲ ਤੋਂ ਬਹੁਤ ਲੋਕ–ਪ੍ਰਿਯ ਰਹੀ ਹੈ ਅਤੇ ਵੀਹਵੀਂ ਸਦੀ ਵਿਚ ਇਸ ਭਗਤੀ ਦਾ ਸੰਕਲਪ ਹਜ਼ਾਰਾਂ ਯੂਰਪੀਨ ਯੁਵਕ ਯੁਵਤੀਆਂ ਨੂੰ ਆਪਣੇ ਵੱਲ ਪ੍ਰੇਰਿਤ ਕਰ ਰਿਹਾ ਹੈ।

          ‘ਕ੍ਰਿਸ਼ਨ’(‘कृ")ਸੰਸਕ੍ਰਿਤ ਦੇ ਸ਼ਾਬਦਿਕ ਅਰਥ ਹਨ––ਕਾਲਾ, ਸ਼ਿਆਮ, ਸਿਆਹ। ‘ਵਿਸ਼ਣੂ ਪੁਰਾਣ’ ਵਿਚ ਲਿਖਿਆ ਹੈ ਕਿ ਭਗਵਾਨ ਨੇ ਜਗਤ ਦੀ ਰੱਖਿਆ ਵਾਸਤੇ ਆਪਣੇ ਦੋ ਕੇਸ ਭੇਜੇ। ਇਕ ਕਾਲਾ ਸੀ, ਜਿਸ ਤੋਂ ਸ੍ਰੀ ਕ੍ਰਿਸ਼ਨ ਪੈਦਾ ਹੌਏ, ਦੂਜਾ ਚਿੱਟਾ ਜਿਸ ਤੋਂ ਬਲਰਾਮ। ਕ੍ਰਿਸ਼ਨ ਮਹਾਭਾਰਤ ਦੇ ਯੁੱਧ ਦੇ ਮਹਾਨ ਨੀਤੀਵੇਤਾ ਅਤੇ ਯੋਧਾ ਸਨ। ਕ੍ਰਿਸ਼ਨ ਭਗਵਾਨ ਹੀ ਅਰਜਨ ਨੂੰ ਭਗਵਤ–ਗੀਤਾ ਰਾਹੀਂ ਕਰਮ ਫ਼ਿਲਾਸਫ਼ੀ ਦਾ ਅਮਰ ਉਪਦੇਸ਼ ਦੇਣ ਵਾਲੇ ਹਨ ਅਤੇ ਸੈਂਕੜੇ ਗੋਪੀਆਂ ਦੇ ਚਿੱਤ–ਚੋਰ ਅਤੇ ਰਾਧਾ ਦੇ ਪ੍ਰੇਮੀ ਹਨ। ਰਾਧਾ ਅਤੇ ਕ੍ਰਿਸ਼ਨ ਦੀ ਪ੍ਰੀਤ–ਕਹਾਣੀ ਜਗਤ–ਕਹਾਣੀ ਬਣੀ ਹੋਈ ਹੈ। ਸ਼ਾਮ, ਸਿਆਮ, ਮੱਖਣਚੋਰ, ਕ੍ਰਿਸ਼ਨ, ਮੁਰਲੀਧਰ, ਬੰਸੀਧਰ, ਮੁਰਾਰੀ, ਗੋਪਾਲ, ਨੰਦ ਲਾਲ, ਦੇਵਕੀ ਨੰਦਨ, ਸ਼ਾਮ ਸੁੰਦਰ, ਮੋਹਨ, ਕਾਨ੍ਹ, ਗੌਵਰਧਨਧਾਰੀ, ਦਾਮੋਦਰ, ਕਨ੍ਹਈਆ, ਆਦਿ ਇਸ ਦੇ ਅਨੇਕ ਨਾਮਾਂਤਰ ਹਨ। ਨਿਰਗੁਣ ਧਾਰਾ ਦੇ ਭਗਤਾਂ ਦੀ ਬਾਣੀ ਵਿਚ ਸ਼ਾਮ, ਕ੍ਰਿਸ਼ਨ ਆਦਿ ਸ਼ਬਦ ਬ੍ਰਹਮ ਦੇ ਵਾਚਕ ਰੂਪ ਵਿਚ ਵਰਤੇ ਗਏ ਹਨ।

          ਭਾਰਤ ਵਿਚ ਕ੍ਰਿਸ਼ਨ–ਭਗਤੀ ਦਾ ਜ਼ੋਰ ਵੱਖ–ਵੱਖ ਸਮਿਆਂ ਉੱਤੇ ਤੇ ਸਥਾਨਾਂ ਵਧਦਾ ਘਟਦਾ ਰਿਹਾ ਹੈ। ਨੌਵੀਂ ਸਦੀ ਵਿਚ ਰਚੇ ਗਏ‘ਭਗਵਤ ਪੁਰਾਣ’ ਨਾਲ ਕ੍ਰਿਸ਼ਨ–ਭਗਤੀ ਪਰੰਪਰਾ ਨੂੰ ਬੜਾ ਬਲ ਮਿਲਿਆ। ‘ਹਰਿਵੰਸ਼’ ਆਦਿ ਪੁਰਾਣਾਂ ਵਿਚ ਕ੍ਰਿਸ਼ਨ ਦੇ ਦੋ ਰੂਪ ਪ੍ਰਧਾਨ ਹਨ। ਪਹਿਲਾ ਬਾਲ ਗੋਪਾਲ ਰੂਪ ਜਿਸ ਵਿਚ ਕੇਲ–ਕ੍ਰੀੜਾ ਵਾਲਾ ਮਧੁਰ ਰੂਪ, ਦੂਜਾ ਰਾਜਸੀ ਵੈਭਵ ਵਾਲਾ ਤੇਜਸਵੀ ਰੂਪ। ਸੱਤਵੀਂ–ਅੱਠਵੀਂ ਸਦੀ ਵਿਚ ਦੱਖਣੀ ਭਾਰਤ ਵਿਚ ਕ੍ਰਿਸ਼ਨ–ਭਗਤੀ ਜ਼ੋਰਾਂ ਉੱਤੇ ਸੀ। ਆਲਵਾਰ ਭਗਤਾਂ ਵਿਚੋਂ ਕਈ ਕ੍ਰਿਸ਼ਨ–ਭਗਤ ਸਨ। ਕ੍ਰਿਸ਼ਨ–ਭਗਤੀ ਨਾਲ ਸੰਬੰਧਿਤ ਕਈ ਸੰਪ੍ਰਦਾਵਾਂ ਪੈਦਾ ਹੋਈਆਂ ਜਿਵੇਂ ਨਿੰਬਾਰਕ, ਚੈਤੰਨੑਯ, ਵੱਲਭ, ਰਾਧਾ–ਵੱਲਭ ਆਦਿ। ਇਨ੍ਹਾਂ ਸੰਪ੍ਰਦਾਵਾਂ ਦੇ ਕਵੀਆਂ ਨੇ ਕ੍ਰਿਸ਼ਨ–ਕਾਵਿ ਨੂੰ ਚਾਰ–ਚੰਨ ਲਾਏ। ਇਨ੍ਹਾਂ ਵਿਚ ਸੂਰਦਾਸ ਅਤੇ ਮੀਰਾਂਬਾਈ ਦਾ ਨਾਂ ਵਿਸ਼ੇਸ਼ ਵਰਣਨ–ਯੋਗ ਹੈ।

          ਕ੍ਰਿਸ਼ਨ ਕਾਵਿ–ਧਾਰਾ ਕਾਵਿ–ਕਲਾ ਦੀ ਸੂਖ਼ਮਤਾ, ਮਧੁਰਤਾ, ਰਸਿਕਤਾ ਦੇ ਪੱਖੋਂ ਬੜੀ ਬਲਵਾਨ, ਅਮੀਰ ਤੇ ਗੌਰਵਮਈ ਧਾਰਾ ਹੈ। ਇਸ ਵਿਚ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼ ਅਤੇ ਆਧੁਨਿਕ ਭਾਰਤੀ ਭਾਸ਼ਵਾਂ ਦੇ ਕਵੀ ਨੇ ਆਪਣੀ ਨਿਸ਼ਠਾ ਅਤੇ ਪ੍ਰੇਮ–ਭਾਵਨਾਂ ਦਾ ਮਾਖਿਓਂ ਘੋਲਿਆ ਹੈ। ਇਸ ਕਾਵਿਧਾਰਾ ਦੀ ਖੁਸ਼ਬੋਂ ਕਈ ਯੂਰਪੀਨ ਤੇ ਹੋਰ ਵਿਦੇਸ਼ੀ ਭਾਸ਼ਵਾਂ ਵਿਚ ਅਨੁਵਾਦਾਂ ਰਾਹੀਂ ਪਹੁੰਚ ਚੁੱਕੀ ਹੈ। ‘ਰਾਮ–ਕਾਵਿ’ ਵਿਚ ਚਰਿਤ੍ਰ–ਨਿਰਮਾਣ ਉੱਤੇ ਜ਼ਿਆਦਾ ਬਲ ਦਿੱਤਾ ਗਿਆ, ਪਰ ਕ੍ਰਿਸ਼ਨ–ਕਾਵਿ ਮਧੁਰ ਭਗਤੀ–ਪ੍ਰਧਾਨ ਹੈ। ਰਾਮ–ਕਾਵਿ ਦਾ ਸਾਹਿਤਿਕ–ਸਰੂਪ ਗੰਭੀਰ, ਚਰਿਤ੍ਰਾਤਮਕ ਤੇ ਮਹਾਕਾਵਿ ਵਾਲਾ ਹੈ, ਪਰ ਕਿਸ਼ਨ–ਕਾਵਿ ਮਧੁਰ, ਰਸੀਲਾ ਤੇ ਗੀਤਾਮਕਤਾ ਵਾਲਾ ਹੈ। ਕ੍ਰਿਸ਼ਨ–ਕਾਵਿ ਨਿੱਕੇ ਨਿੱਕੇ ਘੁੰਗਰੂਆਂ ਵਾਂਗ ਲਘੂ ਅਕਾਰੀ, ਸੰਗੀਤਾਮਕ ਲੈਅ ਭਰਪੂਰ ਮਧੁਰ ਰਸੀਲੇ ਕਾਵਿ ਦਾ ਉਚਤਮ ਨਮੂਨਾ ਹੈ। ਕ੍ਰਿਸ਼ਨ ਅਤ ਗੋਪੀਆਂ ਦੀ ਪ੍ਰੇਮ–ਲੀਲਾ ਤੇ ਪ੍ਰੇਮ–ਕ੍ਰੀੜਾ ਦਾ ਵਰਣਨ ਇਸਤ੍ਰੀ–ਪੁਰਖ ਦੇ ਅਨਾਦਿ ਪ੍ਰੇਮ–ਸੰਬੰਧਾਂ ਦੀਆਂ ਸੂਖਮ ਗੁੰਝਲਾਂ, ਸਥਿਤੀਆਂ ਤੇ ਰਹੱਸਾਂ ਨੂੰ ਰੂਪਮਾਨ ਕਰਦਾ ਹੈ।

          ਰਾਮਾਇਣ ਦੀ ਸਿਰਜਾਣਾ ਵਧੇਰੇ ਕਰਕੇ ਕਾਵਿ ਵਿਚ ਹੋਈ ਹੈ ਪਰ ਮਹਾਭਾਰਤ ਨੂੰ ਵਧੇਰੇ ਕਰਕੇ ਪੱਦ ਦੀ ਥਾਂ ਗੱਦ ਵਿਚ ਲਿਖਿਆ ਗਿਆ ਹੈ। ਗੀਤਾ ਨੂੰ ਦਾਰਸ਼ਨਿਕ, ਗੰਭੀਰ, ਅਧਿਆਤਮਿਕ ਭਾਵੀ ਰਚਨਾ ਹੋਣ ਕਰਕੇ ਕਾਵਿ ਵਿਚ ਅਨੁਵਾਦ ਕਰਨਾ ਬਹੁਤ ਕਠਿਨ ਕਾਰਜ ਹੈ, ਇਸ ਕਰਕੇ ਗੀਤਾ ਦੇ ਅਧਿਕਤਰ ਭਾਸ਼ ਹੀ ਲਿਖੇ ਗਏ ਹਨ। ਸ਼੍ਰੀ ਕ੍ਰਿਸ਼ਨ ਦੇ ਜੀਵਨ ਅਤੇ ਦਰਸ਼ਨ ਨਾਲ ਸੰਬੰਧਿਤ ਘਟਨਾਵਾਂ ਨੂੰ ਕਾਵਿ ਤੋਂ ਬਿਨਾ ਸਾਹਿੱਤ ਦੇ ਹੋਰ ਰੂਪਾਂ ਵਿਚ ਵੀ ਪ੍ਰਗਟ ਕੀਤਾ ਗਿਆ ਹੈ।

          ਪੰਜਾਬ ਵਿਚ ਨਾਥ ਜੋਗੀਆਂ ਦੇ ਪ੍ਰਭਾਵ ਅਤੇ ਗੁਰੂ ਸਾਹਿਬਾਨ ਦੇ ਜੀਵਨ–ਦਰਸ਼ਨ ਦੀ ਪ੍ਰਭੁਤਾ ਸਥਾਪਤ ਹੋਣ ਕਰਕੇ ਪੰਜਾਬੀ ਸਾਹਿੱਤ ਵਿਚ ਕ੍ਰਿਸ਼ਨ–ਕਾਵਿ–ਧਾਰਾ ਉਸ ਤਰ੍ਹਾਂ ਤੇਜਵੰਤ ਤੇ ਭਰਪੂਰ ਪ੍ਰਵਾਹ ਵਾਲੀ ਰੋਅ ਨਹੀਂ ਚਲ ਸਕੀ, ਜਿਵੇਂ ਇਹ ਉੱਤਰੀ ਭਾਰਤ ਅਤੇ ਕੁਝ ਹੱਦ ਤਕ ਦੱਖਣੀ ਭਾਰਤ ਵਿਚ ਚਲਦੀ ਰਹੀ ਹੈ। ਫਿਰ ਵੀ ਲੋਕ–ਮਾਨਸ ਦੀ ਅੰਤਰ–ਆਤਮਾ ਕ੍ਰਿਸ਼ਨ–ਭਗਤੀ ਨਾਲ ਜੁੜੀ ਰਹੀ ਹੈ ਜਿਸ ਦਾ ਪ੍ਰਗਟਾਵਾ ਇੱਥੋਂ ਦੇ ਲੋਕ–ਗੀਤਾਂ ਵਿਚ ਹੁੰਦਾ ਹੈ। ਪੰਜਾਬੀ ਮੁਟਿਆਰ ਅਜੇ ਵੀ ਜਦੋਂ ਵਰ ਦੀ ਕਲਪਨਾ ਕਰਦੀ ਹੈ ਤਾਂ ‘ਤਾਰਿਆਂ ਵਿਚੋਂ ਚੰਨ, ਚੰਨਾਂ ਵਿਚੋਂ ਕਾਨ੍ਹ, ਕਨ੍ਹਈਆ ਵਰ ਲੋੜੀਏ’ ਚਿਤਵਦੀ ਹੈ। ਪੰਜਾਬੀ ਕ੍ਰਿਸ਼ਨ ਕਾਵਿ–ਧਾਰਾ ਵਿਚ ਵੱਖ ਵੱਖ ਸਮਿਆਂ ਵਿਚ ਦਰਜਨਾਂ ਕਵੀਆਂ ਨੇ ਆਪਣਾ ਯੋਗਦਾਨ ਪਾਇਆ ਹੈ । ਉਨ੍ਹਾਂ ਨੇ ਬਾਰ੍ਹਾਮਾਹ, ਸੀਹਰਫ਼ੀ, ਸ਼ਬਦ, ਮਿੱਠੜੇ, ਝੇੜਾ, ਸੰਵਾਦ, ਆਦਿ ਕਾਵਿ––ਰੂਪਾਂ ਦੀ ਮਧੁਰ ਤੇ ਰਸੀਲੀ ਕਾਵਿ ਸਿਰਜਣਾ ਕੀਤੀ ਹੈ; ਇਨ੍ਹਾਂ ਵਿਚੋਂ ਕੁਝ ਕਾਵਿ ਰਾਗ–ਬੱਧ ਵੀ ਹੈ। ਬਾਰ੍ਹਾਮਾਹ ਵਿਚ ਰਾਧਾ ਤੇ ਗੋਪੀਆਂ ਅਤੇ ਕ੍ਰਿਸ਼ਨ ਦੇ ਅਤਿ ਤੀਬਰ ਵਿਯੋਗ ਦੇ ਸੰਤਾਪ ਨੂੰ ਵਰਣਨ ਕੀਤਾ ਗਿਆ ਹੈ। ਮਿੱਠੜ ਵਿਚ ਰਾਧਾ ਅਤੇ ਗੋਪੀਆਂ ਵੱਲੋਂ, ਕ੍ਰਿਸ਼ਨ ਨੂੰ ਬੜੇ ਮਿੱਠੇ ਨਿਹੋਰੇ ਦਿੱਤੇ ਗਏ ਹਨ। ਕ੍ਰਿਸ਼ਨ–ਕਾਵਿ ਦਾ ਪ੍ਰਭਾਵ ਪੰਜਾਬੀ ਸੂਫ਼ੀ ਕਾਵਿ ਉੱਤੇ ਵੀ ਪਿਆ। ਸ਼ਾਹ ਹੁਸੈਨ ਵਰਗੇ ਸੂਫ਼ੀ ਕਵੀ ਨੇ ਰਾਧਾ ਕ੍ਰਿਸ਼ਨ ਦੇ ਪ੍ਰੇਮ ਦੇ ਰੂਪਕ ਨੂੰ ਆਪਣੀਆਂ ਕਾਫ਼ੀਆਂ ਵਿਚ ਵਰਤਿਆ ਹੈ, ਜਿਵੇਂ :

ਸਾਵਲ ਦੀ ਮੈਂ ਬਾਂਦੀ ਬਰਦੀ,

                                                       ਸਾਵਲ ਮੈਂਹਡਾ ਸਾਂਈ।                           (ਕਾਫੀ ੩੭, (ਸੰਪ.) ਡਾ. ਦੀਵਾਨਾ)

          ਦਸਮ ਗ੍ਰੰਥ ਵਿਚ ਦਰਜ ‘ਕ੍ਰਿਸ਼ਨ ਅਵਤਾਰ’ ਦੀ ਰਚਨਾ ਸਾਹਿਤਿਕ ਤੇ ਕਲਾਤਮਕ ਪੱਖੋਂ ਸਮੁੱਚੇ ਕ੍ਰਿਸ਼ਨ–ਕਾਵਿ ਧਾਰਾ ਵਿਚ ਪੰਜ–ਸੱਤ ਚੋਣਵੀਆਂ ਰਚਨਾਵਾਂ ਵਿਚੋਂ ਇਕ ਹੈ। ਗੁਰੂ ਗੋਬਿੰਦ ਸਿੰਘ ਦੀ ਸਰਪ੍ਰਸਤੀ ਵਿਚ ਆਨੰਦਪੁਰ ਦਰਬਾਰ ਦੇ ਕਵੀਆਂ ਨੇ ਕ੍ਰਿਸ਼ਨ ਕਾਵਿ–ਧਾਰਾ ਵਿਚ ਮੌਲਿਕ ਉਦਭਾਵਾਂ ਦਾ ਸੰਚਾਰ ਕੀਤਾ। ਕਿੱਸਾ–ਕਾਵਿ ਵਿਚ ਕ੍ਰਿਸ਼ਨ–ਭਗਤੀ ਦੇ ਲੁਕਵੇਂ ਜਿਹੇ ਸੰਕੇਤ ਆ ਹੀ ਜਾਂਦੇ ਹਨ, ਜਿਵੇਂ ਜੋਗ ਸਿੰਘ ਨੇ ਆਪਣੀ ਹੀਰ ਵਿਚ ਜੋ ਰਾਂਝ ਦਾ ਸੰਕਲਪ ਚਿਤਰਿਆ ਹੈ, ਉਹ ਕ੍ਰਿਸ਼ਨ ਵਰਗਾ ਹੀ ਹੈ, ਜਿਵੇਂ :

ਬੰਜਰੀ ਬਜਾਏ ਸਹੀਓ ਰਾਂਝਨੇ ਨੇ ਮੋਹ ਲਈ,

ਜ਼ੁਲਫ ਜੰਜੀਰ ਵਾਲੀ ਪਾਇ ਕੇ ਤੇ ਫਾਸਨੀ।

ਜੋਗ ਸਿੰਘ ਮਤਾ ਕੀਤੇ ਹੀਰੇ ਸਹੇਲੀਆਂ ਨੇ,

ਰਾਂਝੇ ਨਾਲ ਖੇਡੀਏ ਬਣਾਏ ਕੇਤੇ ਰਾਸਨੀ।47।

ਸਿਰ ਚੀਰਾ ਨੀ ਗੁਲਾਬੀ ਭਿੰਨੇ ਨੈਣ ਨੀ ਸ਼ਰਾਬੀ,

ਮੁਖੋਂ ਬੋਲਿਆਂ ਝੜਨ ਫੁੱਲ ਹਾਰ ਲੈ ਬਣਾਂਵਦੀ।

ਫਿਰੇ ਲਟਕੇਂਦਾ ਸੋਹਣਾ, ਚਿਤ ਨੂੰ ਚੁਰੇਂਦਾ ਸਹੀਓ,

                   ਮੁਰਲੀ ਦੀ ਆਵਾਜ਼ ਨੀ ਕਲੇਜੜੇ ਨੂੰ ਪਾਂਦੀ।......48।    ––(‘ਹੀਰ’, ਜੋਗ ਸਿੰਘ)

ਪੰਜਾਬੀ ਬਾਰ੍ਹਾਮਾਹ ਕਾਵਿ ਉੱਤੇ ਵੀ ਕ੍ਰਿਸ਼ਨ–ਭਗਤੀ ਦਾ ਪ੍ਰਭਾਵ ਹੈ, ਜਿਵੇਂ :

                             ਚੜ੍ਹਦੇ ਵਿਸਾਖ ਕੋਕਿਲਾ ਬੋਲਣ, ਬੈਠੇ ਅੰਬ ਦੀ ਡਾਲੀ ਜੀ।

                             ਜਿਉਂ ਕਰ ਕੰਵਲ ਫੁੱਲਾਂ ਵਿਚ ਸੋਭ, ਸੋਭੈ ਰਾਤ ਚੰਦਾਲੀ ਜੀ।

                             ਕ੍ਰਿਸ਼ਨ ਬਿਨਾ ਮੇਰੀ ਸੇਜ ਨਾ ਸੋਹਵੈ, ਕਿਉਂ ਕਰ ਸੇਜ ਨਿਹਾਰੀ ਜੀ।

                             ਬਾਲ ਮੁਕੰਦ ਵੰਝ ਆਖ ਸ਼ਾਮ ਨੂੰ, ਕਿਉਂ ਰਾਧਕਾ ਮਨੋ ਵਿਸਾਰੀ ਜੀ।

                                                                             –(‘ਬਾਰ੍ਹਾਮਾਹ’ ਬਾਲਮੁਕੰਦ)

          ਕ੍ਰਿਸ਼ਨ–ਭਗਤੀ ਨੂੰ ਵਾਰ ਕਾਵਿ–ਰੂਪ ਵਿਚ ਵੀ ਪ੍ਰਸਤੁਤ ਕੀਤਾ ਗਿਆ। ਤੇਜਭਾਨ ਨੇ ‘ਕਾਨ੍ਹ ਭਗਵਾਨ ਦੀ ਵਾਰ’ ਲਿਖੀ ਅਤੇ ਕਵੀ ਸੌਂਧਾ (ਦੇਹਾਂਤ 19ਵੀਂ ਸਦੀ ਈ. ਮੱਧ ਦੇ ਕਰੀਬ) ਨੇ ‘ਪ੍ਰੇਮ ਦੀ ਵਾਰ’ ਲਿਖੀ ਹੈ :

                             ਜਦੋਂ ਘਨ੍ਹਹੀਆ ਚਲਿਆ ਸਭ ਪਿਛੇ ਪਈਆਂ।

                             ਪੁੱਤ ਵਿਛੋੜੇ ਮਮਿਓ, ਘਰ ਘਰ ਛਡ ਗਈਆਂ।

                             ਦਰਦ ਵਿਛੋੜੇ ਸਿਆਮ ਦੇ, ਸਭ ਰੋਵਨ ਸਈਆਂ।       ––(‘ਪ੍ਰੇਮ ਦੀ ਵਾਰ’, ਸੌਧਾ)

          ਆਧੁਨਿਕ ਕਾਲ ਵਿਚ ਵੀ ਧਨੀ ਰਾਮ ਚਾਤ੍ਰਿਕ ਆਦਿ ਕਵੀਆਂ ਨੇ ਕ੍ਰਿਸ਼ਨ–ਕਾਵਿ ਦੇ ਗੁਲਦਸਤੇ ਵਿਚ ਆਪਣੇ ਮਨੋਹਰ ਕਾਵਿ–ਫੁੱਲ ਰਲਾਏ ਹਨ ਅਤੇ ਕ੍ਰਿਸ਼ਨ–ਕਥਾ ਦੇ ਹਵਾਲੇ ਆਧੁਨਿਕ ਕਵੀ ਯਥਾਯੋਗ ਵਰਤਦੇ ਹਨ।

          [ਸਹਾ. ਗ੍ਰੰਥ––ਸੁਰਿੰਦਰ ਸਿੰਘ ਕੋਹਲੀ (ਸੰਪ.): ‘ਪੰਜਾਬੀ ਸਾਹਿੱਤ–ਕੋਸ਼’ (ਭਾਗ ਦੂਜਾ); ਡਾ. ਮਨਮੋਹਨ ਸਿੰਘ : ‘ਕ੍ਰਿਸ਼ਨ–          ਕਾਵਿ’; ਡਾ. ਅਜਮੇਰ ਸਿੰਘ: ‘ਪੰਜਾਬੀ ਸਾਹਿੱਤ ਦਾ ਆਲੋਚਨਾਤਮਕ ਇਤਿਹਾਸ’ (1801 ਤੋਂ 1850 ਈ. ); ਪਿਆਰਾ ਸਿੰਘ ਪਦਮ: ‘ਪੰਜਾਬੀ ਵਾਰਾਂ’; ਡਾ. ਸਾਹਿਬ ਸਿੰਘ ਅਰਸ਼ੀ : ‘ਪੰਜਾਬੀ ਕ੍ਰਿਸ਼ਨ ਕਾਵਿ ਦਾ ਆਲੋਚਨਾਤਮਕ ਅਧਿਐਨ’]


ਲੇਖਕ : ਡਾ. ਅਜਮੇਰ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.